English | ਪੰਜਾਬੀ ਸੋਹੇਲ ਆਬਿਦ

ਸੋਹੇਲ ਆਬਿਦ

ਯਾਤਰੀ. ਦੱਖਣੀ ਏਸ਼ੀਆ ਦੇ ਸੱਭਿਆਚਾਰ ਦਾ ਸਿਖਿਆਰਥੀ. folkpunjab.com ਦਾ ਮੋਢੀ

ਟੈਗ ਦਿਨ:

ਅਾਪਣੇ ਬਾਰੇ ਸਾਨੂੰ ਕੁਝ ਦੱਸੋ। ਤੁਸੀਂ ਕਿੱਤੇ ਵਜੋਂ ਕੀ ਕਰਦੇ ਹੋ? ਤੁਸੀਂ ਇਸ ਕਿੱਤੇ ਵਿੱਚ ਕਿਵੇਂ ਆਏ?

ਮੈਂ ਪੰਜਾਬੀ ਹਾਂ ਅਤੇ ਮੇਰਾ ਜਨਮ ਅਜਿਹੇ ਦੇਸ਼ ਦੀ ਰਾਜਧਾਨੀ ਵਿਚ ਹੋਇਆ ਜਿਸਦੀ ਬੁਨਿਆਦ ਹੀ ਇਕ ਧਰਮ ਅਤੇ ਸੱਭਿਆਚਾਰ ਦੇ ਦੁਆਲੇ ਘੁੰਮਦੀ ਹੈ। ਇਸ ਤਰਾਂ ਦੇ ਰਾਸ਼ਟਰ ਦੇ ਨਿਰਮਾਣ ਕਰਨ ਦੀ ਸੋਚ ( ਦਾ ਸੁਪਨਾ ਲੈਣ ਵਾਲਿਆ ਲਈ) ਲਈ ਬਹੁ-ਭਾਸ਼ਾਈ ਅਤੇ ਬਹੁ-ਸੱਭਿਅਕ ਸੋਚ ਵੀ ਘਾਤਕ ਸੀ। ਇਸਲਾਮਾਬਾਦ ਵਿਚ ਉਰਦੂ ਦੇ ਪ੍ਰਭਾਵ ਅਤੇ ਪੰਜਾਬੀ/ਪੰਜਾਬੀਅਤ ਨੂੰ “ਪੇਂਡੂ ਜਾਂ ”ਉਜੱਡ“ ਮੰਨਣ ਵਾਲੇ ਮਾਹੋਲ ਵਿਚ ਵੱਡੇ ਹੁੰਦਿਆਂ ਮੈਨੂੰ ਇਸ ਗੱਲ ਦਾ ਕਦੇ ਅਹਿਸਾਸ ਨਹੀਂ ਹੋਇਆ। ਪਰ ਜਲਦੀ ਹੀ ਉਤਸੁਕਤਾ ਅਧੀਨ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਜਾਣ ਪਛਾਣ ਨਾਲ ਹੀ ਸੋਚ ਵਿਚ ਬਦਲਾਅ ਆਇਆ ਅਤੇ ਜਾਨਣ ਦੀ ਤਾਂਘ ਹੋਰ ਵੀ ਵੱਧ ਗਈ। ਬਸ ਫਿਰ ਕੀ ਸੀ , ਚਲਦਾ ਹੀ ਗਿਆ ਅਤੇ ਪੰਜਾਬੀਅਤ ਨਾਲ ਸਾਂਝ ਪੀਢੀ ਹੁੰਦੀ ਗਈ । ਬੇਅੰਤ ਅਤੇ ਸ਼ੁੱਧ ਪੰਜਾਬੀ ਲੋਕ ਸੰਗੀਤ ਨੇ ਤਾਂ ਮਾਨੋ ਜਿਵੇ ਮੇਰੀ ਜ਼ਿੰਦਗੀ ਦਾ ਦ੍ਰਿਸ਼ਟੀਕੋਣ ਬਦਲ ਦਿਤਾ ਹੋਵੇ। ਹੁਣ ਮੈਂ ਪੰਜਾਬ ਦੇ ਢੰਗ ਤਰੀਕੇ ਅਤੇ ਨਜ਼ਰੀਏ ਨਾਲ ਇੱਕਮਿਕ ਹੋ ਗਿਆ ਸੀ।

ਇਹ ਸੱਭ ਉਦੋਂ ਹੋ ਰਿਹਾ ਸੀ ਜਦੋਂ ਮੈਂ ਆਪਣੇ ਕਿੱਤੇ , ਜੋ ਕੀ ਸਾਫਟਵੇਅਰ ਇੰਜੀਨੀਅਰ ਦਾ ਸੀ, ਵਿਚ ਤਰੱਕੀ ਦੀਆਂ ਪਉੜੀਆਂ ਚੜ ਰਿਹਾ ਸੀ । ਵੈਬ-ਸਾਇਟ ਬਣਾਉਣ ਦੀ ਕਲਾ ਦੇ ਨਾਲ ਹੁਣ ਇੱਕ ਨਵਾ ਜਜਬਾ ਵੀ ਸੀ । ਇਹੀ ਸਮਾਂ ਸੀ ਜਦ ਮੈਂ ਪੰਜਾਬੀ ਲੋਕ ਸੰਗੀਤ ਨੂੰ ਸਮਰਪਿਤ ਵੈਬ ਸਾਇਟ folkpunjab.com ਬਣਾਈ , ਜਿਸਦਾ ਮੁੱਖ ਮੰਤਵ ਇਸ ਅਣਮੁੱਲੇ ਖਜਾਨੇ ਨੂੰ ਇਕ ਜਗਾਹ ਸੰਗਠਿਤ ਕਰਕੇ ਇਕ ਲੈਅ ਵਿਚ ਪਰੋਣਾ ਸੀ । ਇਸਦੇ ਨਾਲ-ਨਾਲ ਮੈਂ Hri Institute for Southasian Research and Exchange ਵਿਚ ਖੋਜੀਕਰਤਾ ਵੱਜੋ ਕੰਮ ਕੀਤਾ ।

ਪਿਛਲੇ ਸਾਲ ਤਕ ਮੈਂ ਇਕ ਸਾਫਟਵੇਰ ਕੰਪਨੀ ਵਿਚ ਬਤੌਰ ਮੁਖ ਤਕਨੀਕੀ ਅਫਸਰ ਕੰਮ ਕਰਦਾ ਰਿਹਾ ਹਾਂ । ਪਰ ਏਸ ਤਰੱਕੀ ਨਾਲ ਮੇਰਾ ਮਨ ਕਦੇ ਵੀ ਨਹੀਂ ਭਿੱਜਿਆ , ਹਮੇਸ਼ਾਂ ਸਭਿਆਚਾਰਕ ਲਿਖਤਾਂ ਅਤੇ ਕਾਵਿ -ਕਲਾਮ ਨੇ ਮਨ ਮੋਹਿਆ ਸੀ । ਕੋਈ ਸਮਾਂ ਸੀ ਜਦੋਂ ਮੈਂ ਕਵਿਤਾਵਾਂ ਲਿਖਿਆ ਕਰਦਾ ਸੀ । ਆਖਿਰਕਾਰ ਮੈਂ ਆਪਣੀ ਨੌਕਰੀ ਛੱਡ ਕੇ ਪੂਰਾ ਸਮਾਂ ਮਾਂ-ਬੋਲੀ ਨੂੰ ਸਮਰਪਿਤ ਕਰਨ ਦਾ ਫੈਸਲਾ ਕਰ ਲਿਆ !

ਤੁਸੀਂ ਪੰਜਾਬ ਤੇ ਪਾਕਿਸਤਾਨ ਨੂੰ ਇਬਨ ਬਤੂਤਾ ਵਾਂਗਰ ਤੁਰ ਫਿਰ ਕੇ ਵੇਖਿਆ ਹੈ । ਅਜਿਹੀਆਂ ਕਿਹੜੀਆਂ ਗੱਲਾਂ ਸਨ ਜੋ ਤੁਹਾਨੂੰ ਪਤਾ ਲੱਗੀਆਂ ਜਿੰਨਾ ਬਾਰੇ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਸੋਚਿਆ ਹੋਵੇ। ਕੀ ਤੁਹਾਡੇ ਲਈ ਗਇਆ ਦਰਖਤ ਥੱਲੇ ਭਗਵਾਨ ਬੁੱਧ ਵਾਂਗਰ ਕੋਈ “ਗਿਆਨ ਪੱਲ ” ਵਾਲਾ ਕੋਈ ਮੌਕਾਆਇਆ , ਜਿਸਨੇ ਤੁਹਾਡਾ ਨਜ਼ਰੀਆ ਬਿਲਕੁਲ ਬਦਲ ਦਿੱਤਾ ਹੋਵੇ।

ਮੇਰੀ ਸੋਚ ਹੈ ਕਿ ਗ਼ਲਤੀਆ ਬਹੁ-ਪਾਸਾਰ ਹਨ - ਮਿਸਾਲ ਦੇ ਤੌਰ ਤੇ ਵੱਡੇ ਸ਼ਹਿਰਾਂ ਦੇ ਲੋਕਾਂ ਦੀ ਬਾਕੀ ਦੇ ਪੰਜਾਬ ਬਾਰੇ ਰਾਇ ਸੱਚਾਈ ਤੋਂ ਕੋਹਾਂ ਦੂਰ ਹੈ। ਜੇ ਤੁਸੀਂ ਲੋਕਾਂ ਨੂੰ ਸਮਝ ਨਹੀਂ ਸਕਦੇ ਤਾਂ ਉਹਨਾਂ ਬਾਰੇ ਰਾਇ ਬਣਾਉਣੀ ਜਾਂ ਨੀਵਾਂ ਕਹਿਣਾ ਕੋਈ ਸਮਝਦਾਰੀ ਨਹੀਂ । ਵੈਸੇ ਕੋਈ ਚਮਤਕਾਰ ਨਹੀਂ :-)

ਤੁਸੀਂ ਪੰਜਾਬੀ ਭਾਸ਼ਾ ਦੇ ਪੱਕੇ ਸਮਰਥਕ ਹੋ। ਕੀ ਦੇਸੀ ਭਾਸ਼ਾਵਾਂ ਦੀ ਸੰਭਾਲ ਜਰੂਰੀ ਹੈ ? ਜੇਕਰ ਸੱਭ ਲੋਕ ਇੱਕੋ ਭਾਸ਼ਾ, ਜਿਵੇਂ ਕਿ ਅੰਗ੍ਰੇਜੀ ਬੋਲਣ ਤੇ ਸਮਝਣ , ਤਾਂ ਇਹ ਸਭ ਲਈ ਸੌਖਾ ਨਹੀਂ ਰਹੇਗਾ ?

ਮੇਰੀ ਸੋਚ ਅਨੁਸਾਰ ਇਕ ਭਾਸ਼ਾਈ ਰੁਝਾਨ ਗਲਤ ਅਤੇ ਖਤਰਨਾਕ ਹੈ। ਇਹ ਸੋਚ ਦੇਸੀ ਭਾਸ਼ਾਵਾਂ ਤੇ ਉਸ ਨਾਲ ਜੁੜੇ ਲੋਕਾਂ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਦੁਆਲੇ ਕੇਂਦ੍ਰਿਤ ਹੈ। ਹਰ ਦੇਸੀ ਭਾਸ਼ਾ ਉਸ ਨੂੰ ਬੋਲਣ ਵਾਲੇ ਲੋਕਾਂ ਦਾ ਦੁਨੀਆ ਪ੍ਰਤੀ ਨਜ਼ਰੀਆ ਤੇ ਉਹਨਾਂ ਦੀ ਦੁਨਿਆ ਵਿਚਲੀ ਹੋਂਦ ਨੂੰ ਦਰਸਾਉਂਦੇ ਹੈ। ਅਜਿਹੇ ਹਰ ਇਕ ਨਜਰੀਏ ਤੇ ਮਾਨਤਾ ਦੀ , ਉਸ ਭਾਸ਼ਾ ਦੇ ਲੋਕਾਂ ਤੇ ਬਾਕੀ ਦੁਨਿਆ ਲਈ ਆਪਣੀ ਇਕ ਕੀਮਤ ਹੈ। ਕਿਸੇ ਵੀ ਇਕ ਲੋਕਾਂ ਦੇ ਸਮੂਹ ਵੱਲੋਂ ਇਹ ਸੋਚਣਾ ਕੇ ਦੂਜੇ ਸਮੂਹ ਦੇ ਲੋਕ ਆਪਣੀ ਹੋਂਦ ਨੂੰ ਗਵਾ ਦੇਣ , ਮੇਰੇ ਹਿਸਾਬ ਨਾਲ ਬੜੀ ਘਟੀਆ ਸੋਚ ਹੈ।

ਤੁਸੀਂ Hri Institute for Southasian Research and Exchange ਦੇ ਨਾਲ ਇਕ ਖੋਜਕਰਤਾ ਵਜੋਂ ਪ੍ਰੋਜੇਕਟ “ਵਰਜਿਤ ਪਿਆਰ : ਦੱਖਣੀ ਏਸ਼ੀਆ ਦੇ ਇਸ਼ਕ ਦੇ ਕਿਸੇ” ਉੱਤੇ ਕੰਮ ਕਰ ਰਹੇ ਹੋ । ਤੁਹਾਨੂੰ ਲੋਕ ਧਾਰਾ ਵਿਚ ਸੁਨਣ ਨੂੰ ਮਿਲਦੇ ਕਿੱਸਿਆਂ ਵਿੱਚ ਤੇ ਲਿਖਤਾਂ ਵਿਚ ਕੋਈ ਵੱਡਾ ਫ਼ਰਕ ਲੱਭਾ ਹੈ? ਇਹ ਪਾੜਾ ਕਿੰਨਾ ਕੁ ਵੱਡਾ ਹੈ ?

ਲੋਕ ਗਾਥਾ ਵਿਚ ਕੋਈ ਇੰਨਾ ਫ਼ਰਕ ਨਹੀਂ । ਪਰ ਆਮ ਤੋਰ ਤੇ ਲੋਕ ਸਿਰਫ ਅੰਸ਼ਿਕ ਕਹਾਣੀ ਤੋਂ ਜਾਣੂ ਹੁੰਦੇ ਨੇ । ਇਹ ਹੋਰ ਵੀ ਗੁੰਝਲਦਾਰ ਉਦੋਂ ਹੋ ਜਾਂਦਾ ਏ, ਜਦ ਲੋਕੀਂ ਇਹਨਾ ਕਿੱਸਿਆਂ ਤੋਂ ਧਾਰਾਵਾਂ ਬਣਾਉਣ ਦੀ ਕੋਸ਼ਿਸ਼ ਕਰਦੇ ਨੇ । ਉਧਾਹਰਣ ਦੇ ਤੌਰ ਤੇ ਸਾਹਿਬਾਂ, ਜੋ ਕੀ ਇਕ ਸਮਝਦਾਰ ਕੁੜੀ ਲੱਗਦੀ ਹੈ - ਆਪਣੇ ਭਰਾਵਾਂ ਨੂੰ ਬਚਾਉਣ ਤੇ ਮੌਕੇ ਨੂੰ ਠੰਡੇ ਕਰਨ ਤੇ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ , ਪਰ ਲੋਕ ਧਾਰਾਵਾਂ ਵਿਚ ਉਸ ਨੂੰ ਦਗਾਬਾਜ਼ ਮੰਨਿਆ ਜਾਂਦਾ ਹੈ । ਇਹ ਸ਼ਾਇਦ ਸਮੇ ਦੇ ਦੌਰ ਦੇ ਨਾਲ ਬਦਲੇਗਾ ਅਤੇ ਇਸ ਨੂੰ ਹੋਰ ਸਮਝਣ ਤੇ ਪੜ੍ਹਨ ਦੀ ਲੋੜ ਹੈ।

ਤੁਸੀਂ ਆਪਣੀਆਂ ਲਿਖਤਾਂ ਵਿਚ ਧਰਮ ਤੇ ਇਲਾਕਾਪ੍ਰਸਤੀ ਦੀਆਂ ਜੰਜੀਰਾਂ ਤੋਂ ਆਰਾਮ ਨਾਲ ਆਜ਼ਾਦੀ ਮਹਿਸੂਸ ਕਰਦੇ ਹੋ । ਤੁਸੀਂ “ਗੁਰੂ ਅਰਜਨ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਜੋ ਤੁਸੀਂ ਫਰੀਦ ਪੜ ਸਕੋ ”, “ਪੰਜਾਬ - ਰਾਜਨੀਤੀ ਤੋਂ ਵਧ ਵੀ ਬਹੁਤ ਕੁਝ ਹੈ ” ਅਤੇ “ਸਹਿਮਤੀ ਸੰਬੰਧਾਂ ਦਾ ਹੀਰ ਵਾਰਿਸ ਸ਼ਾਹ ਵਿਚ ਦਰਜਾ”। ਤੁਹਾਡਾ ਪੈਗਾਮ ਨੂੰ ਆਮ ਲੋਕਾਂ ਨੇ ਕਿਵੇਂ ਲਿਆ ? ਤੁਹਾਨੂੰ ਹੱਲਾਸ਼ੇਰੀ ਯਾਂ ਵਿਰੋਧ ਦੀਆਂ ਈਮੇਲ ਆਈਆਂ ?

ਜਿਆਦਾਤਰ ਹੁੰਗਾਰਾ ਨਿੱਘਾ ਅਤੇ ਹਾਂ ਪੱਖੀ ਰਿਹਾ ਹੈ।

ਤੁਸੀਂ ਇਕ ਤਕਨੀਕੀ ਸ਼ਾਸਤਰੀ ਹੋਣ ਦੇ ਨਾਲ-੨ ਇਕ ਮਾਨਵ ਸ਼ਾਸਤਰੀ ਵੀ ਹੋ । ਤੁਸੀਂ ਦੋਹਾਂ ਰੋਲਾਂ ਨੂੰ ਕਿਵੇਂ ਸੰਤੁਲਿਤ ਕਰਦੇ ਹੋ ? ਤੁਹਾਡੀ ਨਿਤਨੇਮ ਕਿਵੇਂ ਦਾ ਹੁੰਦਾ ਹੈ ? ਜੇਕਰ ਤੁਸੀਂ ਕਿਸੇ ੧੪ ਸਾਲ ਦੇ ਪੰਜਾਬੀ ਨੂੰ ਜੋ ਤੁਹਾਡਾ ਰਾਹ ਚੁਣਨਾ ਚਾਹੁੰਦਾ ਹੋਵੇ, ਉਸ ਨੂੰ ਤੁਸੀਂ ਕੀ ਸਲਾਹ ਦੇਵੋਂਗੇ ?

ਮੈਂ ਟੈਕਨੌਲੋਜੀ ਨੂੰ ਲਗਭਗ ਛੱਡ ਦਿੱਤਾ ਹੈ , ਹੁਣ ਮੈਂ ਸਾਲ ਵਿਚ 2-3 ਵਾਰ ਕੰਟਰੈਕਟ ਤੇ ਪ੍ਰੋਗ੍ਰਾਮਿੰਗ ਪ੍ਰੋਜੈਕਟ ਕਰਦਾ ਹਾਂ , ਇਸ ਲਈ ਸੰਤੁਲਿਤ ਕਰਨ ਦੀ ਕੋਈ ਲੋੜ ਹੀ ਨਹੀਂ। ਕਿਉਂਕਿ ਮੇਰੇ ਲਈ ਕਰਨ ਲਈ ਕੋਈ ਵੀ “ਬਿਲਕੁਲ ਜਰੂਰੀ ਕੰਮ” ਕੁਝ ਵੀ ਨਹੀਂ ਹੁੰਦਾ, ਮੈਂ ਇਸ ਹਕੀਕਤ ਨਾਲ ਰੋਜ ਜੂਝਦਾ ਹਾਂ ਕਿ ਅੱਜ ਕੀ ਕਰਨਾ ਹੈ? ਮੈਂ ਕਾਲਿਜ ਵਿਚ ਇਕ ਵਾਰ ਨਾਵਲ ਲਿਖਿਆ ਸੀ , ਹੁਣ ਮੇਰਾ ਇਰਾਦਾ ਹੈ ਇਕ ਹੋਰ ਨਾਵਲ ਲਿਖਣ ਦਾ : ਉਸਦਾ ਉਲਾਂਕਣ ਤੇ ਕਿਰਦਾਰ ਸਿਰਜਣ ਵਿੱਚ ਕੁੱਝ ਸਮਾਂ ਲੰਘਦਾ ਹੈ। ਮੇਰਾ ਇਰਾਦਾ ਹੈ ਕਲਾਸੀਕਲ ਸ਼ਾਇਰਾਂ ਦੇ ਉਤੇ ੫੦ ਦੇ ਲੱਗਭਗ ਕਿਤਾਬਾਂ ਲਿਖਣ ਦਾ ਜੋ ਗੁਰਮੁਖੀ ਤੇ ਸ਼ਾਹਮੁਖੀ ਵਿਚ, ਆਮ ਲੋਕਾਂ ਦੀ ਪਹੁੰਚ ਵਿੱਚ ਹੋਣ, ਇਸ ਲਈ ਕੁਝ ਸਮਾਂ ਮੈਂ ਇਸ ਵਿਸ਼ੇ ਤੇ ਪੜਦਾ ਹਾਂ। ਕਿਸੇ ਦਿਨ ਮੈਂ ਅਪਣੇ ਮਾਪਿਆਂ ਨੂੰ ਮਿਲਣ ਜਾਂਦਾ ਹਾਂ ਜੋ ਇਸਲਾਮਾਬਾਦ ਵਿੱਚ ਰਹਿੰਦੇ ਨੇ। ਹੋਰ ਦਿਨ ਮੈਂ ਉਡੀਕਦਾਂ ਹਾਂ ਕਿ ਪੰਜਾਬ ਦੇ ਕਿਸੇ ਹਿੱਸੇ ਵਿੱਚ ਅਗਲਾ ਮੇਲਾ ਕਦ ਲੱਗ ਰਿਹਾ ਹੈ ਤੇ ਉਸ ਤੋਂ ਇਕ ਦਿਨ ਪਹਿਲਾਂ ਮੈਂ ਮੇਲੇ ਜਾਣ ਦੀ ਤਿਆਰੀ ਕੱਸ ਲੈਨਾ ਹਾਂ। ਪਰ ਆਮ ਦਿਨਾਂ ਨੂੰ ਮੇਰੇ ਦਿਨ ਦੀ ਸ਼ੁਰੁਆਤ ਤੇ ਅੰਤ , ਉਸ ਲੜਕੀ ਦੀ ਆਵਾਜ਼ ਨਾਲ ਹੁੰਦੀ ਹੈ, ਜਿਸਨੂੰ ਮੈਂ ਪਿਆਰ ਕਰਦਾਂ ਹਾਂ।

ਮੈਂ ਕਿਸੇ ਨੂੰ ਵੀ ਮੇਰੇ ਰਾਹ ਤੇ ਚੱਲਣ ਦੀ ਸਲਾਹ ਨਹੀਂ ਦਿਆਂਗਾ। ਪਰ ਜਿਹੜੇ ਮਾਪੇ ਬਣ ਚੁੱਕੇ ਨੇ, ਉਹਨਾਂ ਨੂੰ ਇਹ ਜ਼ਰੂਰ ਕਹਾਂਗਾ: ਆਪਣੇ ਬੱਚਿਆਂ ਨੂੰ ਆਪਣੀ ਪੁਰਖਿਆਂ ਦੀ ਬੋਲੀ ਤੋਂ ਵਾਂਝੇ ਨਾ ਰੱਖੋ; ਉਹ ਵੱਡੇ ਹੋ ਕੇ ਇਸ ਦੀ ਘਾਟ ਮਹਿਸੂਸ ਕਰਨਗੇ।

ਜੇਕਰ ਤੁਸੀ ਕੋਈ ਖਾਸ ਸਾਧਨ (ਕਿਤਾਬਾਂ/ਫਿਲਮਾਂ/ਸੋਮੇ)ਸਾਡੇ ਪਾਠਕਾਂ ਨਾਲ ਸਾਂਝੇ ਕਰਨੇ ਹੋਣ ਤਾਂ ਉਹ ਕੀ ਹੋਣਗੇ?

ਦੋ ਨਾਵਲ : 100 ਸਾਲ ਦਾ ਬਨਵਾਸ - ਗਾਰਸੀਆ ਮਾਰਕੁਇਜ਼ (One Hundred Years of Solitude by Garcia Marquez) ਅਤੇ ਬਹਾਓ - ਮੁਸਤਾਨਸਰ ਹੁੱਸੈਨ ਤਰਾਰ (Bahao by Mustansar Hussain Tarar)। ਸ਼ਿਵ ਕੁਮਾਰ ਬਟਾਲਵੀ ਦੀ ਲੂਣਾ ਅਤੇ ਪੰਜਾਬੀ ਸੂਫ਼ੀ ਕਵਿਤਾਵਾਂ ।

ਅਤੇ ਅਖੀਰ ਵਿਚ, ਤੁਹਾਡੇ ਖੇਤਰ ਦਾ ਕੋਈ ਖਾਸ ਸੰਦ (ਹਾਰਡਵੇਅਰ, ਸਾਫਟਵੇਅਰ, ਯੰਤਰ) ਜਿਸਦੇ ਬਿਨਾਂ ਤੁਸੀਂ ਨਹੀਂ ਰਹਿ ਸਕਦੇ? ਤੁਸੀਂ ਸਫ਼ਰ ਵੇਲੇ ਕਿੰਨਾਂ ਚੀਜ਼ਾਂ ਨੂੰ ਨਾਲ ਰੱਖਦੇ ਹੋਂ?

ਸਿਰਫ ਇਕ ਕੈਮਰਾ ਫੋਨ ਜਦ ਮੈਂ ਸਫਰ ਕਰ ਰਿਹਾ ਹੁੰਦਾ ਹਾਂ। ਇਕ ਲੈਪਟਾਪ (ਕੰਪਿਉਟਰ) ਜਦ ਮੈਂ ਇਸਲਾਮਾਬਾਦ ਹੁੰਦਾ ਹਾਂ।

ਤੁਸੀਂ ਕਦੇ ੯:੦੦ ਤੋਂ ੫:੦੦ ਦੀ ਨੌਕਰੀ ਫਿਰ ਤੋਂ ਕਰਨੀ ਚਾਹੋਂਗੇ?

ਮੈਨੂੰ ਆਸ ਨਹੀਂ ।

ਅਨੁਵਾਦ ਸਹਾਇਤਾ - ਹਰਵਿੰਦਰ ਸਿੰਘ ਅਤੇ ਅਨੁਰਾਜ ਕੌਰ, ਸੋਧਾਂ - ਅਮਨਪ੍ਰੀਤ ਸਿੰਘ ਬ੍ਰਾੜ